ਤਾਜਾ ਖਬਰਾਂ
ਸਕੂਲ ਵਿਚ ਹੋਈ ਗੋਲੀਬਾਰੀ ਵਿਚ ਅਧਿਆਪਕ ਤੇ ਵਿਦਿਆਰਥੀ ਦੀ ਮੌਤ
ਸੈਕਰਾਮੈਂਟੋ, ਕੈਲੀਫੋਰਨੀਆ- ਅਮਰੀਕਾ ਦੇ ਵਿਸਕਾਨਸਿਨ ਰਾਜ ਦੀ ਰਾਜਧਾਨੀ ਮੈਡੀਸਨ ਦੇ ਇਕ ਨਿੱਜੀ ਸਕੂਲ ਵਿਚ ਸਕੂਲ ਦੇ ਹੀ ਇਕ ਵਿਦਿਆਰਥੀ ਵਲੋਂ ਕੀਤੀ ਗੋਲੀਬਾਰੀ ਵਿਚ ਇਕ ਅਧਿਆਪਕ ਤੇ ਇਕ ਵਿਦਿਆਰਥੀ ਦੀ ਮੌਤ ਹੋਣ ਤੇ 6 ਹੋਰ ਵਿਦਿਆਰਥੀਆਂ ਦੇ ਜ਼ਖ਼ਮੀ ਹੋ ਜਾਣ ਦੀ ਖਬਰ ਹੈ। ਪੁਲਿਸ ਅਨੁਸਾਰ ਹਮਲਾਵਰ ਵਿਦਿਆਰਥੀ ਵੀ ਮੌਕੇ ’ਤੇ ਮ੍ਰਿਤਕ ਹਾਲਤ ਵਿਚ ਮਿਲਿਆ ਹੈ। ਮੈਡੀਸਨ ਪੁਲਿਸ ਮੁਖੀ ਸ਼ੋਨ ਬਰਨਸ ਅਨੁਸਾਰ ਅਬਨਡੈਂਟ ਲਾਈਫ ਕ੍ਰਿਸਚੀਅਨ ਸਕੂਲ ਵਿਚ ਗੋਲੀਆਂ ਚੱਲਣ ਦੀ ਸੂਚਨਾ ਮਿਲਣ ’ਤੇ ਪੁਲਿਸ ਅਫ਼ਸਰ ਤੁਰੰਤ ਮੌਕੇ ’ਤੇ ਪੁੱਜੇ। ਬਰਨਸ ਅਨੁਸਾਰ ਇਕ ਅਧਿਆਪਕ ਤੇ ਵਿਦਿਆਰਥੀ ਮੌਕੇ ’ਤੇ ਹੀ ਦਮ ਤੋੜ ਗਏ ਜਦ ਕਿ ਜ਼ਖਮੀ ਹੋਏ 6 ਵਿਦਿਆਰਥੀਆਂ ਵਿਚੋਂ 2 ਦੀ ਹਾਲਤ ਗੰਭੀਰ ਹੈ। ਬਾਕੀ 4 ਦੀ ਹਾਲਤ ਖਤਰੇ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਨਾ ਕੇਵਲ ਮੈਡੀਸਨ ਸ਼ਹਿਰ ਬਲਕਿ ਸਮੁੱਚੇ ਦੇਸ਼ ਲਈ ਦੁੱਖਦਾਈ ਦਿਨ ਹੈ। ਉਨਾਂ ਸਪੱਸ਼ਟ ਕੀਤਾ ਕਿ ਇਸ ਘਟਨਾ ਵਿਚ ਪੁਲਿਸ ਵਲੋਂ ਕੋਈ ਵੀ ਗੋਲੀ ਨਹੀਂ ਚਲਾਈ ਗਈ ਤੇ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਘਟਨਾ ਵਾਪਰ ਚੁੱਕੀ ਸੀ। ਉਨ੍ਹਾਂ ਕਿਹਾ ਕਿ ਸਕੂਲ ਨੂੰ ਖਾਲੀ ਕਰਵਾ ਕੇ ਸਮੁੱਚੇ ਸਕੂਲ ਦਾ ਜਾਇਜ਼ਾ ਲਿਆ ਗਿਆ ਹੈ। ਇਸ ਘਟਨਾ ’ਤੇ ਰਾਸ਼ਟਰਪਤੀ ਜੋਅ ਬਾਈਡਨ ਨੇ ਨਿੰਦਾ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।
Get all latest content delivered to your email a few times a month.