ਤਾਜਾ ਖਬਰਾਂ
ਹਰਿਆਣਾ ਤੋਂ ਪੰਜਾਬ ਰਿਸ਼ਤੇਦਾਰੀ 'ਚ ਲੋਹੜੀ ਮਨਾਉਣ ਆਏ ਨੌਜਵਾਨ ਨੂੰ ਲੁਧਿਆਣਾ ਸਟੇਸ਼ਨ ’ਤੇ ਪਿਆ ਦਿਲ ਦਾ ਦੌਰਾ, ਮੌਤ
ਲੁਧਿਆਣਾ, 13 ਜਨਵਰੀ- ਹਰਿਆਣਾ ਤੋਂ ਪੰਜਾਬ ਰਿਸ਼ਤੇਦਾਰੀ ਵਿੱਚ ਲੋਹੜੀ ਮਨਾਉਣ ਆਏ ਹਰਿਆਣਾ ਦੇ ਨੌਜਵਾਨ ਦੀ ਲੁਧਿਆਣਾ ਰੇਲਵੇ ਸਟੇਸ਼ਨ ਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਹਰਿਆਣਾ ਦੇ ਜ਼ਿਲ੍ਹਾ ਹਾਂਸੀ ਦੇ ਰਹਿਣ ਵਾਲੇ ਚਿਰਾਗ ਕੁਮਾਰ ਉਮਰ 24 ਸਾਲ ਦੇ ਰੂਪ ਵਿੱਚ ਹੋਈ ਹੈ। ਨੌਜਵਾਨ ਦੁਪਹਿਰ ਕਰੀਬ 1 ਵਜੇ ਰੇਲ ਰਾਹੀਂ ਸਟੇਸ਼ਨ ’ਤੇ ਪੁੱਜਾ ਤਾਂ ਟਰੇਨ ਤੋਂ ਉਤਰਨ ਦੇ ਬਾਅਦ ਕੁਝ ਕਦਮ ਚੱਲਣ ਮਗਰੋਂ ਉਸ ਦੇ ਸੀਨੇ ਵਿੱਚ ਦਰਦ ਹੋਣ ਲੱਗਾ ਅਤੇ ਉਹ ਪਲੇਟਫਾਰਮ ’ਤੇ ਹੀ ਡਿੱਗ ਗਿਆ। ਨੌਜਵਾਨ ਨੂੰ ਨਜ਼ਦੀਕੀ ਕਲੀਨਿਕ ਲਿਜਾਇਆ ਗਿਆ ਜਿੱਥੋਂ ਉਸ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਜਿੱਥੇ ਡਾਕਟਰਾਂ ਨੇ ਚਿਰਾਗ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਨੌਜਵਾਨ ਦੀ ਲਾਸ਼ ਸਿਵਲ ਦੀ ਹਸਪਤਾਲ ਮੋਰਚਰੀ ਵਿੱਚ ਰਖਵਾ ਕੇ ਪਰਿਵਾਰ ਵਾਲਿਆਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਚਿਰਾਗ ਕੁਮਾਰ ਦੇ ਜਾਣਕਾਰ ਨੇ ਦੱਸਿਆ ਕਿ ਚਿਰਾਗ ਆਪਣੇ ਭੂਆ ਦੇ ਪੁੱਤਰਾਂ ਨਾਲ ਧੂਰੀ ਆਇਆ ਸੀ ਧੂਰੀ ਤੋਂ ਲੁਧਿਆਣਾ ਲੋਹੜੀ ਮਨਾਉਣ ਪੁੱਜਾ ਸੀ। ਚਿਰਾਗ ਨਾਲ ਉਸ ਦੇ ਦੋਸਤ ਵੀ ਲੁਧਿਆਣਾ ਆਏ, ਪਰ ਚਿਰਾਗ ਜਦੋਂ ਰੇਲ ਤੋਂ ਉਤਰਿਆ ਤਾਂ ਥੋੜੀ ਅੱਗੇ ਜਾਣ ਮਗਰੋਂ ਹੀ ਉਸ ਦੀ ਛਾਤੀ ਵਿੱਚ ਦਰਦ ਹੋਣ ਲੱਗ ਗਿਆ। ਦੋਸਤ ਗੁਰਪ੍ਰੀਤ ਸਿੰਘ ਮਤਾਬਕ ਚਿਰਾਗ ਉਸ ਨਾਲ ਹਰਿਆਣੇ ਤੋਂ ਪੰਜਾਬ ਲੋਹੜੀ ਮਨਾਉਣ ਲਈ ਆਇਆ ਸੀ, ਪਰ ਲੁਧਿਆਣਾ ਪੁੱਜਦੇ ਹੀ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਪਰਿਵਾਰ ਵਿੱਚ ਮ੍ਰਿਤਕ ਦੀ ਇੱਕ ਭੈਣ ਅਤੇ ਇੱਕ ਭਰਾ ਹੋਰ ਹੈ ਜੋ ਰਾਤ ਤੱਕ ਲੁਧਿਆਣਾ ਪੁੱਜ ਰਹੇ ਹਨ।
Get all latest content delivered to your email a few times a month.