ਤਾਜਾ ਖਬਰਾਂ
ਪ੍ਰਾਇਮਰੀ ਸਕੂਲਾਂ ਦੀਆਂ 58 ਟੀਮਾਂ ਵਿੱਚੋਂ ਸ਼ਕੂਰ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ
ਬਾਲ ਕਿਸ਼ਨ
ਫ਼ਿਰੋਜ਼ਪੁਰ, 23 ਦਸੰਬਰ- ਸਕੂਲੀ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਅਤੇ ਇਤਿਹਾਸ ਨਾਲ਼ ਜੋੜਨ ਦੇ ਮੰਤਵ ਨਾਲ਼ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਫ਼ਿਰੋਜ਼ਪੁਰ ਵੱਲੋਂ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲਾ ਪਿਛਲੇ ਦਿਨੀਂ ਸਰਕਾਰੀ ਪ੍ਰਾਇਮਰੀ ਸਕੂਲ ਸ਼ਕੂਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਫ਼ਿਰੋਜ਼ਪੁਰ ਸੁਨੀਤਾ ਰਾਣੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਫ਼ਿਰੋਜ਼ਪੁਰ ਕੋਮਲ ਅਰੋੜਾ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਸਬੰਧੀ ਦੱਸਦਿਆਂ ਕੁਇਜ਼ ਮੁਕਾਬਲੇ ਦੇ ਆਯੋਜਕ ਤਲਵਿੰਦਰ ਸਿੰਘ ਨੇ ਕਿਹਾ ਕਿ ਇਸ ਮੁਕਾਬਲੇ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੇ 58 ਸਰਕਾਰੀ ਪ੍ਰਾਇਮਰੀ ਸਕੂਲਾਂ ਦੀਆਂ ਟੀਮਾਂ ਵੱਲੋਂ ਭਾਗ ਲਿਆ ਗਿਆ। ਇਸ ਲਈ 10 ਕਮਰਿਆਂ ਵਿੱਚ 6-6 ਟੀਮਾਂ ਦਾ ਲੀਗ ਰਾਊਂਡ ਕਰਵਾਇਆ ਗਿਆ, ਸਭ ਤੋਂ ਪਹਿਲਾਂ ਇਨ੍ਹਾਂ ਟੀਮਾਂ ਦੀ ਰਜਿਸਟਰੇਸ਼ਨ ਕੀਤੀ ਗਈ ਅਤੇ ਉਨ੍ਹਾਂ ਨੂੰ ਪਰਚੀਆਂ ਰਾਹੀਂ ਕਮਰਾ ਨੰਬਰ ਅਤੇ ਟੀਮ ਦਾ ਨਾਮ ਦਿੱਤਾ ਗਿਆ। ਇਸ ਉਪਰੰਤ ਕਮਰੇ ਅਤੇ ਟੀਮ ਦੇ ਨਾਮ ਅਨੁਸਾਰ ਟੀਮਾਂ ਦਾ ਮੁਕਾਬਲਾ ਕਰਵਾਇਆ ਗਿਆ। ਹਰੇਕ ਟੀਮ ਨੂੰ ਪਰਚੀਆਂ ਰਾਹੀਂ ਪ੍ਰਸ਼ਨ ਪੁੱਛੇ ਗਏ ਅਤੇ 5-5 ਪ੍ਰਸ਼ਨਾਂ ਦੇ ਰਾਊਂਡ ਤੋਂ ਬਾਅਦ ਹਰੇਕ ਕਮਰੇ ਵਿੱਚੋਂ ਪਹਿਲੀ ਟੀਮ ਅਤੇ ਦੂਜੇ ਨੰਬਰ ਤੇ ਆਈਆਂ ਟੀਮਾਂ ਵਿੱਚੋਂ ਸਭ ਤੋਂ ਵੱਧ ਅੰਕਾਂ ਵਾਲੀਆਂ ਪੰਜ ਟੀਮਾਂ ਦੀ ਚੋਣ ਕੀਤੀ ਗਈ। ਸ਼ਮਸ਼ੇਰ ਸਿੰਘ ਸੀਐੱਚਟੀ ਨੇ ਦੱਸਿਆ ਕਿ ਰਾਊਂਡ ਉਪਰੰਤ 2 ਕਮਰਿਆਂ ਵਿੱਚ 7 ਅਤੇ 8 ਟੀਮਾਂ ਦਾ ਸੇਮੀਫ਼ਾਈਨਲ ਕਰਵਾਇਆ ਗਿਆ। ਇਨ੍ਹਾਂ ਵਿੱਚੋਂ ਹਰੇਕ ਕਮਰੇ ਦੀਆਂ 3-3 ਟੀਮਾਂ ਫਾਈਨਲ ਮੁਕਾਬਲੇ ਲਈ ਚੁਣੀਆਂ ਗਈਆਂ। ਫਾਈਨਲ ਵਿੱਚ ਸ਼ਕੂਰ, ਭਾਂਗਰ/ਪਿਆਰੇਆਣਾ, ਕਾਲੀਏ ਵਾਲ਼ਾ, ਤੂਤ, ਯਾਰੇ ਸ਼ਾਹ ਵਾਲ਼ਾ ਅਤੇ ਕਾਦਾ ਬੋੜਾ/ਫ਼ਿਰੋਜਸ਼ਾਹ ਦੀਆਂ ਟੀਮਾਂ ਪਹੁੰਚੀਆਂ। ਫਾਈਨਲ ਮੁਕਾਬਲਾ ਸਟੇਜ ਤੇ ਸਾਰਿਆਂ ਦੇ ਸਾਹਮਣੇ ਕਰਵਾਇਆ ਗਿਆ। ਇਹ ਮੁਕਾਬਲਾ ਰਣਜੀਤ ਸਿੰਘ ਖਾਲਸਾ, ਗੁਰਸਾਹਿਬ ਸਿੰਘ, ਹਰੀਸ਼ ਕੁਮਾਰ, ਸੁਨੀਲ ਕੰਬੋਜ, ਸ਼ਮਸ਼ੇਰ ਸਿੰਘ, ਸੁਰਿੰਦਰ ਸਿੰਘ, ਸੁਨੀਲ ਕੁਮਾਰ, ਨਵਦੀਪ ਸਿੰਘ, ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ ਅਤੇ ਰਸ਼ਪਾਲ ਸਿੰਘ ਵੱਲੋਂ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਸ਼ਕੂਰ ਸਕੂਲ ਦੀ ਟੀਮ ਨੇ ਪਹਿਲਾ, ਯਾਰੇ ਸ਼ਾਹ ਵਾਲ਼ਾ ਦੀ ਟੀਮ ਨੇ ਦੂਜਾ ਅਤੇ ਕਾਲੀਏ ਵਾਲ਼ਾ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਫਾਈਨਲ ਵਿੱਚ ਪਹੁੰਚਣ ਵਾਲੀਆਂ ਸਾਰੀਆਂ 6 ਟੀਮਾਂ ਨੂੰ ਮੈਡਲ ਅਤੇ ਜੇਤੂ ਟੀਮਾਂ ਨੂੰ ਟਰਾਫੀਆਂ ਦਿੱਤੀਆਂ ਗਈਆਂ। ਸੀਐੱਚਟੀ ਗੁਣਵੰਤ ਕੌਰ ਅਤੇ ਇੰਦਰਜੀਤ ਸਿੰਘ ਨੇ ਪਹਿਲੇ ਸਥਾਨ ਦੀ ਟੀਮ ਨੂੰ 2100 ਰੁਪਏ, ਦੂਜੇ ਸਥਾਨ ਦੀ ਟੀਮ ਨੂੰ 1100 ਰੁਪਏ ਅਤੇ ਤੀਜੇ ਸਥਾਨ ਦੀ ਟੀਮ ਨੂੰ 600 ਰੁਪਏ ਦਿੱਤੇ। ਸਰਕਾਰੀ ਪ੍ਰਾਇਮਰੀ ਸਕੂਲ ਭਾਂਗਰ ਦੇ ਵਿਦਿਆਰਥੀਆਂ ਵੱਲੋਂ ਰਸ ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੁਕਾਬਲੇ ਨੂੰ ਕਰਵਾਉਣ ਲਈ ਸਰਕਾਰੀ ਪ੍ਰਾਇਮਰੀ ਸਕੂਲ ਸ਼ਕੂਰ ਦੀ ਹੈੱਡ ਟੀਚਰ ਰਾਜਵੀਰ ਕੌਰ, ਅਧਿਆਪਕ ਅਵਤਾਰ ਸਿੰਘ, ਬਿੰਦੂ ਰਾਣੀ, ਬਲਜਿੰਦਰ ਕੌਰ ਵੱਲੋਂ ਵਿਸ਼ੇਸ਼ ਯੋਗਦਾਨ ਦਿੱਤਾ ਗਿਆ। ਇਸ ਮੌਕੇ ਉਚੇਚੇ ਤੌਰ ’ਤੇ ਬੀਪੀਈਓ ਅੰਮ੍ਰਿਤਪਾਲ ਸਿੰਘ, ਸੁਖਵਿੰਦਰ ਕੌਰ, ਰਣਜੀਤ ਸਿੰਘ, ਰਾਜਨ ਨਰੂਲਾ ਅਤੇ ਸੁਮਨਦੀਪ ਕੌਰ, ਏਪੀਸੀ ਜਨਰਲ ਸਰਬਜੀਤ ਸਿੰਘ ਟੁਰਨਾ ਨੇ ਸ਼ਿਰਕਤ ਕੀਤੀ। ਮੁਕਾਬਲੇ ਤੋਂ ਬਾਅਦ ਸਕੂਲ ਸਟਾਫ਼ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਾਹਿਬਜ਼ਾਦਿਆਂ ਨੂੰ ਸਮਰਪਿਤ ਸ਼ਬਦ ਲਿਖੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ਕੂਰ ਪਿੰਡ ਦੀ ਪੰਚਾਇਤ ਮੈਂਬਰ, ਪਿੰਡ ਵਾਸੀ ਅਤੇ ਮਾਪੇ ਹਾਜ਼ਰ ਸਨ।
Get all latest content delivered to your email a few times a month.